ਅਮਰੀਕਾ ਦੇ ਰਾਸ਼ਟਰਪਤੀ Donald Trump ਨੇ ਕਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ Xi Jinping ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਚੀਨ ਇਰਾਨ ਨੂੰ ਕੋਈ ਵੀ ਸੈਨਿਕ ਸਹਾਇਤਾ ਨਹੀਂ ਦੇਵੇਗਾ। ਦੋਵਾਂ ਨੇਤਾਵਾਂ ਦੀ ਬੀਜਿੰਗ ਵਿੱਚ ਹੋਈ ਮੁਲਾਕਾਤ ਦੌਰਾਨ ਇਹ ਗੱਲ ਸਾਹਮਣੇ ਆਈ। ਇਹ 2017 ਤੋਂ ਬਾਅਦ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਚੀਨ ਯਾਤਰਾ ਦਾ ਪਹਿਲਾ ਮੌਕਾ ਸੀ।
ਅਮਰੀਕੀ ਅਧਿਕਾਰੀਆਂ ਨੇ ਚੀਨ ਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਰਾਨ ਤੇ ਦਬਾਅ ਪਾਏ ਤਾਂ ਜੋ ਇਰਾਨ ਅਮਰੀਕੀ ਸ਼ਾਂਤੀ ਸ਼ਰਤਾਂ ਨੂੰ ਮੰਨੇ ਅਤੇ ਹੋਰਮੁਜ਼ ਜਲਡੰਘ ਮੁੜ ਖੋਲ੍ਹੇ। ਇਰਾਨ ਨੇ ਇਸ ਜਲਡੰਘ ਨੂੰ ਦੁਸ਼ਮਣ ਦੇ ਜਹਾਜ਼ਾਂ ਲਈ ਬੰਦ ਕਰ ਦਿੱਤਾ ਸੀ, ਜਿਸ ਦਾ ਕਾਰਨ ਅਮਰੀਕਾ ਅਤੇ ਇਸਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਦੱਸੇ ਗਏ ਹਨ।
ਟਰੰਪ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਚੀਨ ਨੇ ਸਪਸ਼ਟ ਕੀਤਾ ਹੈ ਕਿ ਉਹ ਇਰਾਨ ਨੂੰ ਕੋਈ ਫੌਜੀ ਸਾਮਾਨ ਨਹੀਂ ਦੇਵੇਗਾ। ਟਰੰਪ ਦੇ ਅਨੁਸਾਰ ਇਹ ਬਹੁਤ ਵੱਡਾ ਬਿਆਨ ਹੈ ਕਿਉਂਕਿ ਚੀਨ ਖਾੜੀ ਖੇਤਰ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਹੋਰਮੁਜ਼ ਜਲਡੰਘ ਖੁੱਲ੍ਹਾ ਰਹੇ।
ਅਮਰੀਕੀ ਵਿਦੇਸ਼ ਮੰਤਰੀ Marco Rubio ਨੇ ਵੀ ਕਿਹਾ ਕਿ ਚੀਨ ਨਹੀਂ ਚਾਹੁੰਦਾ ਕਿ ਹੋਰਮੁਜ਼ ਜਲਡੰਘ ਨੂੰ ਸੈਨਿਕ ਤੌਰ ‘ਤੇ ਵਰਤਿਆ ਜਾਵੇ। ਉਨ੍ਹਾਂ ਦੇ ਅਨੁਸਾਰ ਬੀਜਿੰਗ ਇਸ ਗੱਲ ਦਾ ਵੀ ਸਮਰਥਨ ਨਹੀਂ ਕਰਦਾ ਕਿ ਇਰਾਨ ਜਹਾਜ਼ਾਂ ਤੋਂ ਟੈਕਸ ਜਾਂ ਟੋਲ ਵਸੂਲੇ।
ਇਸ ਦੇ ਨਾਲ ਹੀ ਅਮਰੀਕੀ ਖ਼ਜ਼ਾਨਾ ਮੰਤਰੀ Scott Bessent ਨੇ ਕਿਹਾ ਕਿ ਚੀਨ ਪਿੱਛੇ ਰਹਿ ਕੇ ਜਲਡੰਘ ਵਿੱਚ ਆਵਾਜਾਈ ਮੁੜ ਸ਼ੁਰੂ ਕਰਵਾਉਣ ਲਈ ਮਦਦ ਕਰੇਗਾ। ਦੂਜੇ ਪਾਸੇ ਇਰਾਨੀ ਮੀਡੀਆ ਨੇ ਦਾਅਵਾ ਕੀਤਾ ਕਿ ਕੁਝ ਚੀਨੀ ਜਹਾਜ਼ਾਂ ਨੂੰ ਜਲਡੰਘ ਰਾਹੀਂ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ। ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਦੋਸਤ ਦੇਸ਼ਾਂ ਦੇ ਵਪਾਰਕ ਜਹਾਜ਼ ਸੈਨਿਕ ਹਦਾਇਤਾਂ ਮੰਨਣ ਦੀ ਸੂਰਤ ਵਿੱਚ ਗੁਜ਼ਰ ਸਕਦੇ ਹਨ।
ਮੀਟਿੰਗ ਦੌਰਾਨ ਸ਼ੀ ਜਿਨਪਿੰਗ ਨੇ ਜ਼ੋਰ ਦਿੱਤਾ ਕਿ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਨੂੰ ਆਪਣੇ ਸਾਂਝੇ ਹਿਤਾਂ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਨੇ ਮੱਧ ਪੂਰਬ ਸੰਕਟ ਦਾ ਸਿੱਧਾ ਜ਼ਿਕਰ ਨਹੀਂ ਕੀਤਾ। ਇਸਦੇ ਨਾਲ ਚੀਨ ਦੇ ਵਿਦੇਸ਼ ਮੰਤਰਾਲੇ ਨੇ ਉਹਨਾਂ ਅਮਰੀਕੀ ਪਾਬੰਦੀਆਂ ਦੀ ਨਿੰਦਾ ਕੀਤੀ ਜੋ ਇਰਾਨ ਦੀ ਮਦਦ ਕਰਨ ਦੇ ਦੋਸ਼ ਹੇਠ ਚੀਨੀ ਕੰਪਨੀਆਂ ‘ਤੇ ਲਗਾਈਆਂ ਗਈਆਂ ਹਨ।
